ਜਲੰਧਰ: ਪਿਛਲੇ ਦਿਨੀਂ ਜਲੰਧਰ ਵਿੱਚ ਬਾਠ ਕੈਸਲ ਦੇ ਨਿਰਮਾਣ ਬਾਰੇ ਪੰਜਾਬ ਸਰਕਾਰ ਨੂੰ ਇੱਕ ਸ਼ਿਕਾਇਤ ਪਾਈ ਗਈ ਸੀ, ਬਾਦ ਵਿੱਚ ਸ਼ਿਕਾਇਤ ਕਰਤਾ ਬਾਠ ਕੈਸਲ ਦੇ ਮਾਲਕਾਂ ਨੂੰ ਸਮਝੌਤਾ ਕਰਨ ਦੇ ਨਾਂਮ ਤੇ ਬਲੈਕਮੇਲ ਕਰਨ ਲੱਗ ਪਿਆ। ਸ਼ਿਕਾਇਤ ਕਰਤਾ ਤੇ ਠੱਗੀਆਂ ਮਾਰਨ ਵਾਲੇ ਗ੍ਰੋਹ ਨੂੰ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਤੇ ਕਾਨੂੰਨੀ ਕਾਰਵਾਈ ਕਰਨ ਉਪਰਾਂਤ ਠੱਗਾਂ ਦੇ ਇਸ ਗ੍ਰੋਹ ਦਾ ਪੁਲਿਸ ਵੱਲੋਂ ਰਿਮਾਂਡ ਵੀ ਲਿਆ ਗਿਆ ਸੀ।
ਜਲੰਧਰ ਦੀ ਵਿਸ਼ਵ ਪ੍ਰਸਿੱਧ ਸਿੱਖ ਤਾਲਮੇਲ ਕਮੇਟੀ ਨੇ ਠੱਗਾਂ ਦੇ ਫੜੇ ਜਾਣ ਉਪਰਾਂਤ, ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਦਾ ਬਹੁਤ-ਬਹੁਤ ਸਵਾਗਤ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਰੋਬਿਨ, ਗੁਰਵਿੰਦਰ ਸਿੰਘ ਨਾਗੀ, ਵਿੱਕੀ ਸਿੰਘ ਖਾਲਸਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਸ ਪ੍ਰਕਾਰ ਦੇ ਕੁਝ ਲੋਕ, ਪਹਿਲਾਂ ਗੁਰੂ ਸਾਹਿਬਾਨਾਂ ਅਤੇ ਸੰਤ ਮਹਾਂਪੁਰਖਾਂ ਖ਼ਿਲਾਫ ਅਪਸ਼ਬਦ ਬੋਲਦੇ ਹਨ, ਫਿਰ ਆਪਣੇ ਆਪ ਤੇ ਖ਼ੁਦ ਹੀ ਹਮਲੇ ਕਰਵਾਉਂਦੇ ਹਨ। ਜਨਤਕ ਥਾਵਾਂ ਤੇ ਖ਼ੁਦ ਹੀ ਖ਼ਾਲਿਸਤਾਨ ਦੇ ਇਸ਼ਤਿਹਾਰ ਲਗਾਉਂਦੇ ਹਨ ਤੇ ਨਾਂਮ ਸਿੱਖਾਂ ਦਾ ਲਾਕੇ ਝੂਠੇ ਕੇਸਾਂ ਵਿੱਚ ਨਿਰਦੋਸ਼ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਸਿੱਖਾਂ ਤੋਂ ਡਰ ਦੇ ਨਾਂਮ ਤੇ ਪੁਲਿਸ ਸਕਿਓਰਟੀ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ। ਬਾਅਦ ਵਿੱਚ ਸਿਕਉਰਟੀ ਦਾ ਦਿਖਾਵਾ- ਦਿਖਾਕੇ ਆਮ ਲੋਕਾਂ ਨਾਲ ਠੱਗੀਆਂ ਮਾਰਦੇ ਹਨ।
ਜਿਸਦਾ ਤਾਜਾ ਉਦਾਹਰਣ ਇਹ ਹੈ ਕਿ ਕੁਝ ਦਿਨ ਪਹਿਲਾਂ ਬਾਠ ਕੈਸਲ (ਮੈਰਿਜ ਪੈਲੇਸ) ਦੇ ਮਾਲਕਾਂ ਨੂੰ ਬਿਲਡਿੰਗ ਨਿਰਮਾਣ ਦੇ ਨਾਂਮ ਤੇ ਬਲੈਕਮੇਲ ਕਰਨਾ ਤੇ ਉਨ੍ਹਾਂ ਕੋਲੋਂ ਜ਼ਬਰਦਸਤੀ ਪੈਸੇ ਵਸੂਲ ਕਰਨਾ, ਇਹ ਘਟਨਾ ਜਲੰਧਰ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਲੈਕਮੇਲ ਕਰਨ ਵਾਲਿਆਂ ਵਿਚੋਂ 2 ਲੋਕਾਂ ਦੀ ਗਿਰਫਤਾਰੀ ਹੋ ਚੁੱਕੀ ਹੈ ਤੇ ਇੱਕ ਆਪਣੇ ਘਰੋਂ ਭਗੋੜਾ ਹੈ।
ਇਸ ਪ੍ਰਕਾਰ ਦੇ ਕੁਝ ਲੋਕ ਆਪਣੇ ਨਾਲ ਸਰਕਾਰੀ ਗਨਮੈਨਾਂ ਰਖਦੇ ਹੋਏ, ਆਪਣੇ ਆਪ ਨੂੰ ਸ਼ਹਿਰ ਤੇ ਸਮਾਜ ਦੇ ਪ੍ਰਮੁੱਖ ਆਗੂ ਕਹਾਉਂਣ ਦੇ ਨਾਲ-ਨਾਲ, ਭੋਲੇ-ਭਾਲੇ ਲੋਕਾਂ ਨੂੰ ਬਲੈਕ ਮੇਲ ਕਰਦੇ ਹਨ। ਅਸੀਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਵਿਜੀਲੈਂਸ ਨੂੰ ਅਪੀਲ ਕਰਦੇ ਹਾਂ ਕਿ, ਕਿਸੇ ਵੀ ਵਿਅਕਤੀ ਨੂੰ ਗੰਨਮੈਨ ਦੇਣ ਤੋਂ ਪਹਿਲਾਂ, ਉਸ ਵਿਅਕਤੀ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ। ਸਿੱਖ ਤਾਲਮੇਲ ਕਮੇਟੀ ਦਾ ਕਹਿਣਾ ਹੈ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਅਗਰ ਕਿਸੇ ਵਿਅਕਤੀ ਨੂੰ ਕੋਈ ਵੀ ਪਰੇਸ਼ਾਨ ਕਰਦਾ ਹੈ, ਤਾਂ ਉਹ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦਾ ਹੈ। ਅਸੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵਿੱਚ ਖ਼ੁਦ ਉਸ ਵਿਅਕਤੀ ਦੇ ਨਾਲ ਜਾਂ ਕੇ, ਉਸਦੇ ਮੱਸਲੇ ਨੂੰ ਹੱਲ ਕਰਵਾਵਾਂਗੇ।